ਹੁਣ ਕਾਂਗਰਸ ਕਰੇਗੀ ‘ਆਪ’ ਦੀ ਥਾਂ ਇਸ ਪਾਰਟੀ ਨਾਲ ਗੱਠਜੋੜ, 4 ਸੀਟਾਂ ਸਬੰਧੀ ਫਸਿਆ ਪੇਚ

ਇਹ ਫੰਡਾ ਭਾਰਤੀ ਜਨਤਾ ਪਾਰਟੀ ਅਤੇ ਆਮ ਆਦਮੀ ਪਾਰਟੀ ਨੂੰ ਹਰਾਉਣ ’ਚ ਲਾਭਦਾਇਕ ਹੋਵੇਗਾ ?

ਕਾਂਗਰਸ ਸੂਬੇ ਦੀ ਕਿਸੇ ਵੀ ਸੀਟ ’ਤੇ ਅਜੇ ਤੱਕ ਉਮੀਦਵਾਰ ਦਾ ਐਲਾਨ ਨਹੀਂ ਕਰ ਸਕੀ

ਚੰਡੀਗੜ੍ਹ/ਜੀਰਕਪੁਰ 7 ਅਪ੍ਰੈਲ (ਮੇਸ਼ੀ) – ਦੇਸ਼ ’ਚ ਲੋਕ ਸਭਾ ਚੋਣਾਂ ਦਿਨੋ ਦਿਨ ਨੇੜੇ ਆ ਰਹੀਆਂ ਹਨ। ਪਰ ਸਿਆਸੀ ਪਾਰਟੀਆਂ ਵੱਲੋਂ ਹਾਲੇ ਤੱਕ ਪੰਜਾਬ ਚ ਵੀ ਪੂਰੇ ਦੇ ਪੂਰੇ ਉਮੀਦਵਾਰ ਘੋਸ਼ਿਤ ਨਹੀਂ ਕੀਤੇ ਗਏ। ਸਿਆਸੀ ਪਾਰਟੀਆਂ ਚੋਣਾਂ ਜਿੱਤਣ ਲਈ ਨਿੱਤ ਨਵੀਆਂ ਵਿਉਂਤਾਂ ਬਣਾ ਕੇ ਵਿਰੋਧੀ ਪਾਰਟੀਆਂ ਨੂੰ ਹਰਾਉਣ ਸਬੰਧੀ ਕੋਸ਼ਿਸ਼ਾਂ ਕਰ ਰਹੀਆਂ ਹਨ। ਪੰਜਾਬ ’ਚ ਲੋਕ ਸਭਾ ਦੀਆਂ ਚੋਣਾਂ ਕਿਉਂਕਿ ਆਖਰੀ ਪੜਾਅ ਦੌਰਾਨ 1 ਜੂਨ ਨੂੰ ਹੋਣਗੀਆਂ, ਪ੍ਰ ਫਿਰ ਵੀ ਫਿਲਹਾਲ ਕੋਈ ਬਹੁਤੀ ਗਹਿਮਾ-ਗਹਿਮੀ ਨਹੀਂ ਵਿਖਾਈ ਦੇ ਰਹੀ। ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪਿਛਲੇ 15 ਦਿਨਾਂ ਤੋਂ ਪੰਜਾਬ ’ਚ ਸਿਆਸੀ ਸਰਗਰਮੀਆਂ ਨੇ ਕੋਈ ਖਾਸ ਜ਼ੋਰ ਨਹੀਂ ਫੜਿਆ। ਸੂਬੇ ’ਚ ਭਾਜਪਾ ਦੂਜੀਆਂ ਪਾਰਟੀਆਂ ਦੇ ਆਗੂਆਂ ਨੂੰ ਤੋੜ ਕੇ ਆਪਣੇ ਖੇਮੇ ’ਚ ਸ਼ਾਮਲ ਕਰ ਰਹੀ ਹੈ, ਜਦਕਿ ਆਮ ਆਦਮੀ ਪਾਰਟੀ ਸੂਬੇ ’ਚ ਆਪਣੀਆਂ ਪ੍ਰਾਪਤੀਆਂ ਨੂੰ ਆਮ ਲੋਕਾਂ ’ਚ ਲਿਜਾ ਕੇ ਵੋਟਾਂ ਮੰਗ ਰਹੀ ਹੈ। ਕਾਂਗਰਸ ਸੂਬੇ ਦੀ ਕਿਸੇ ਵੀ ਸੀਟ ’ਤੇ ਅਜੇ ਤੱਕ ਉਮੀਦਵਾਰ ਦਾ ਐਲਾਨ ਨਹੀਂ ਕਰ ਸਕੀ। ਉਮੀਦਵਾਰਾਂ ਦੀ ਸੂਚੀ ਵਧਦੀ ਜਾ ਰਹੀ ਹੈ। ਹਰ ਸੀਟ ਲਈ 3 ਤੋਂ 4 ਦਾਅਵੇਦਾਰ ਹਨ। ਕਾਂਗਰਸ ਵੱਲੋਂ ਪੰਜਾਬ ’ਚ ਆਪਣਾ ਗਲਬਾ ਕਾਇਮ ਕਰਨ ਲਈ ਵੱਡੀ ਰਣਨੀਤੀ ਘੜੀ ਜਾ ਰਹੀ ਹੈ ਤਾਂ ਜੋ ਭਾਜਪਾ ਦੀਆਂ ਵਧ ਰਹੀਆਂ ਕੋਸ਼ਿਸ਼ਾਂ ਨੂੰ ਠੱਲ੍ਹ ਪਾਈ ਜਾ ਸਕੇ।

ਚੁਸਤ ਚਾਲ ਨਾਲ ਦਲਿਤ ਵੋਟਾਂ ਨੂੰ ਆਪਣੇ ਵੱਲ ਖਿੱਚਣ ਦੀ ਕੀਤੀ ਜਾ ਰਹੀ ਹੈ ਕੋਸ਼ਿਸ਼
ਇਸ ਕੋਸ਼ਿਸ਼ ਨਾਲ ਕਾਂਗਰਸ ਦੇਸ਼ ’ਚ ਦਲਿਤ ਵੋਟ ਬੈਂਕ ਨੂੰ ਆਪਣੇ ਹੱਕ ’ਚ ਭੁਗਤਾਉਣ ਦੀ ਯੋਜਨਾ ਬਣਾ ਰਹੀ ਹੈ। ਕਾਂਗਰਸ ਨੂੰ ਲੱਗਦਾ ਹੈ ਕਿ ਇਸ ਚੁਸਤ ਚਾਲ ਨਾਲ ਉਹ ਪੰਜਾਬ ਦੇ ਨਾਲ-ਨਾਲ ਪੂਰੇ ਦੇਸ਼ ਵਿਚ ਦਲਿਤ ਵੋਟ ਬੈਂਕ ’ਤੇ ਕਬਜ਼ਾ ਕਰ ਲਵੇਗੀ ਕਿਉਂਕਿ ਦਲਿਤ ਭਾਈਚਾਰੇ ਦੀਆਂ ਭਾਵਨਾਵਾਂ ਡਾ. ਅੰਬੇਡਕਰ ਨਾਲ ਜੁੜੀਆਂ ਹੋਈਆਂ ਹਨ
ਪਾਰਟੀ ਨੂੰ ਲੱਗਦਾ ਹੈ ਕਿ ਇਹ ਫੰਡਾ ਭਾਰਤੀ ਜਨਤਾ ਪਾਰਟੀ ਅਤੇ ਆਮ ਆਦਮੀ ਪਾਰਟੀ ਨੂੰ ਹਰਾਉਣ ’ਚ ਲਾਭਦਾਇਕ ਹੋਵੇਗਾ ਅਤੇ ਭੀਮ ਰਾਓ ਯਸ਼ਵੰਤ ਦੀ ਪਾਰਟੀ ਦੇਸ਼ ਭਰ ’ਚ ਦਲਿਤ ਸੀਟਾਂ ’ਤੇ ਕਾਂਗਰਸ ਨੂੰ ਫਾਇਦਾ ਦੇਵੇਗੀ। ਅਦਾਰੇ ਨੂੰ ਇਕ ਫੋਟੋ ਵੀ ਮਿਲੀ ਹੈ ਜਿਸ ’ਚ ਭੀਮ ਰਾਓ ਯਸ਼ਵੰਤ ਅੰਬੇਡਕਰ ਦੀ ਕਾਂਗਰਸ ਪ੍ਰਧਾਨ ਮਲਿਕਾਅਰਜੁਨ ਖੜਗੇ ਨਾਲ ਮੁਲਾਕਾਤ ਦਾ ਖ਼ੁਲਾਸਾ ਹੋਇਆ ਹੈ।

 ਜਲੰਧਰ ਸਮੇਤ 4 ਸੀਟਾਂ ‘ਤੇ ਫਸਿਆ ਪੇਚ
ਇਕ ਹੋਰ ਗੱਲ ਇਹ ਸਾਹਮਣੇ ਆਈ ਹੈ ਕਿ ਕਾਂਗਰਸ ਪੰਜਾਬ ਦੀਆਂ ਕੁਝ ਸੀਟਾਂ ’ਤੇ ਮੁੜ ਸਰਵੇਖਣ ਸ਼ੁਰੂ ਕਰ ਰਹੀ ਹੈ ਕਿਉਂਕਿ ਪਾਰਟੀ ਨੂੰ ਇਨ੍ਹਾਂ ਸੀਟਾਂ ’ਤੇ ਉਮੀਦਵਾਰਾਂ ਨੂੰ ਲੈ ਕੇ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਤਰ੍ਹਾਂ ਪਾਰਟੀ ਇਹ ਸੋਚ ਰਹੀ ਹੈ ਕਿ ਪੰਜਾਬ ਦੀਆਂ ਸਾਰੀਆਂ ਸੀਟਾਂ ’ਤੇ ਇੱਕੋ ਵਰਗ ਦੇ ਲੋਕਾਂ ਨੂੰ ਨਾ ਲਿਆਂਦਾ ਜਾਵੇ, ਇਸ ਲਈ ਕੁਝ ਸੀਟਾਂ ’ਤੇ ਸਿੱਖ ਦਾਅਵੇਦਾਰਾਂ ਨੂੰ ਪਿੱਛੇ ਛੱਡ ਕੇ ਹਿੰਦੂ ਦਾਅਵੇਦਾਰਾਂ ਨੂੰ ਅੱਗੇ ਲਿਆਂਦਾ ਜਾ ਰਿਹਾ ਹੈ।
ਸੂਤਰਾਂ ਦਾ ਕਹਿਣਾ ਹੈ ਕਿ ਪਾਰਟੀ ਪੰਜਾਬ ਦੀਆਂ ਜਲੰਧਰ, ਗੁਰਦਾਸਪੁਰ, ਅੰਮ੍ਰਿਤਸਰ ਅਤੇ ਹੁਸ਼ਿਆਰਪੁਰ ਸੀਟਾਂ ’ਤੇ ਮੁੜ ਸਰਵੇਖਣ ਕਰ ਰਹੀ ਹੈ, ਜਿਸ ਦੇ ਨਤੀਜੇ ਆਉਣ ਤੋਂ ਬਾਅਦ ਹੀ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਜਾਵੇਗਾ। ਇਹ ਵੀ ਖੁਲਾਸਾ ਹੋਇਆ ਹੈ ਕਿ ਗੁਰਦਾਸਪੁਰ ਦਾ ਇੱਕ ਭਾਜਪਾ ਆਗੂ ਵੀ ਕਾਂਗਰਸ ਦੇ ਸੰਪਰਕ ’ਚ ਹੈ।

ਗੱਠਜੋੜ ਤਹਿਤ ਹੁਸ਼ਿਆਰਪੁਰ ਸੀਟ ਤੋਂ ਚੋਣ ਲੜਨ ਦੀ ਯੋਜਨਾ
ਪੰਜਾਬ ’ਚ ਕਾਂਗਰਸ ਆਮ ਆਦਮੀ ਪਾਰਟੀ ਨਾਲ ਗਠਜੋੜ ਨਹੀਂ ਕਰ ਸਕੀ ਪਰ ਹੁਣ ਕਾਂਗਰਸ ਪੰਜਾਬ ’ਚ ਅਜਿਹੀ ਪਾਰਟੀ ਨਾਲ ਗਠਜੋੜ ਕਰਨ ਦੀ ਯੋਜਨਾ ਬਣਾ ਰਹੀ ਹੈ ਜਿਸ ਨਾਲ ਪੂਰੇ ਦੇਸ਼ ’ਚ ਕਾਂਗਰਸ ਨੂੰ ਫਾਇਦਾ ਹੋ ਸਕਦਾ ਹੈ। ਜਾਣਕਾਰੀ ਮਿਲੀ ਹੈ ਕਿ ਪਾਰਟੀ ਡਾ. ਭੀਮ ਰਾਓ ਅੰਬੇਡਕਰ ਦੇ ਪੋਤਰੇ ਭੀਮ ਰਾਓ ਯਸ਼ਵੰਤ ਅੰਬੇਡਕਰ ਦੇ ਨਾਲ ਮਿਲ ਕੇ ਇੱਕ ਵੱਡੀ ਸਿਆਸੀ ਯੋਜਨਾ ’ਤੇ ਕੰਮ ਕਰ ਰਹੀ ਹੈ। ਉਨ੍ਹਾਂ ਦੀ ਪਾਰਟੀ ਨਾਲ ਦੇਸ਼ ਪੱਧਰੀ ਗਠਜੋੜ ਬਣਾਉਣ ਦੀ ਯੋਜਨਾ ਹੈ। ਇਸ ਗਠਜੋੜ ਅਧੀਨ ਉਨ੍ਹਾਂ ਦੀ ਪਾਰਟੀ ਨੂੰ ਪੰਜਾਬ ਦੀ ਹੁਸ਼ਿਆਰਪੁਰ ਸੀਟ ਤੋਂ ਉਮੀਦਵਾਰੀ ਦਿੱਤੀ ਜਾਵੇਗੀ। ਭੀਮ ਰਾਓ ਯਸ਼ਵੰਤ ਅੰਬੇਡਕਰ ਦੀ ਪਾਰਟੀ ਨੂੰ ਪੰਜਾਬ ’ਚ ਸਿਰਫ਼ ਇਕ ਸੀਟ ਮਿਲੇਗੀ, ਜਦੋਂਕਿ ਪਾਰਟੀ ਪੂਰੇ ਦੇਸ਼ ’ਚ ਇਸ ਦਾ ਲਾਹਾ ਲੈਣ ਦੀ ਕੋਸ਼ਿਸ਼ ਕਰੇਗੀ।

Leave a Reply

Your email address will not be published. Required fields are marked *