ਮੋਹਾਲੀ ਜ਼ਿਲ੍ਹੇ ‘ਚ ਐੱਸ.ਟੀ.ਪੀ. ਪ੍ਰੋਜੈਕਟਾਂ ਨੂੰ ਜਲਦ ਤੋਂ ਜਲਦ ਕੀਤਾ ਜਾਵੇ ਮੁਕੰਮਲ: ਏਡੀਸੀ ਦਮਨਜੀਤ ਸਿੰਘ ਮਾਨ

  • ਵਧੀਕ ਡਿਪਟੀ ਕਮਿਸ਼ਨਰ ਵੱਲੋਂ ਸ਼ਹਿਰੀ ਖੇਤਰਾਂ ਵਿਚਲੇ ਵਿਕਾਸ ਕਾਰਜ ਜਲਦ ਮੁਕੰਮਲ ਕਰਨ ਦੀਆਂ ਹਦਾਇਤਾਂ
  • ਨਗਰ ਨਿਗਮ, ਕੌਂਸਲਾਂ ਤੇ ਨਗਰ ਪੰਚਾਇਤ ਅਧਿਕਾਰੀਆਂ ਨਾਲ ਸ਼ਹਿਰੀ ਵਿਕਾਸ ਕਾਰਜਾਂ ਦੀ ਸਮੀਖਿਆ
  • ਜ਼ੀਰਕਪੁਰ ਦੇ ਕਿਸ਼ਨਪੁਰਾ ਖੇਤਰ ਸਬੰਧੀ ਸੀਵਰੇਜ ਪ੍ਰੋਜੈਕਟ ਦੀ ਸਮੀਖਿਆ
  • ਲਾਲੜੂ ਵਿਖੇ ਬਣਨ ਵਾਲੇ ਪਾਰਕਿੰਗ ਲੌਟ ਦਾ ਕੰਮ ਵੀ ਜਲਦੀ ਸ਼ੁਰੂ ਕਰਵਾਉਣ ਲਈ ਕਿਹਾ
  • ਸੜਕ ਸੁਰੱਖਿਆ ਕਮੇਟੀ ਦੀ ਮੀਟਿੰਗ ਦੌਰਾਨ ਜ਼ਿਲ੍ਹੇ ਵਿਚ ਸੜਕਾਂ ਦੇ ਨਾਲ-ਨਾਲ ਸਾਈਕਲ ਟਰੈਕ ਬਣਾਉਣ ਦਾ ਕੰਮ ਤੇਜ਼ ਕਰਨ ਲਈ ਕਿਹਾ
  • ਜ਼ਿਲ੍ਹਾ ਵਾਤਾਵਰਨ ਕਮੇਟੀ ਦੀ ਮੀਟਿੰਗ ਦੌਰਾਨ ਅਧਿਕਾਰੀਆਂ ਨੂੰ ਐੱਸ.ਟੀ.ਪੀਜ਼ ਨਾਲ ਟ੍ਰੀਟ ਕੀਤੇ ਪਾਣੀ ਦੀ ਸੁਵਰਤੋਂ ਦੇ ਨਿਰਦੇਸ਼

ਮੋਹਾਲੀ/ ਜੀਰਕਪੁਰ 22 ਸਤੰਬਰ (ਮੇਸ਼ੀ):

ਜਿਲਾ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਦਮਨਜੀਤ ਸਿੰਘ ਮਾਨ ਨੇ ਵੱਖੋ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਜ਼ਿਲ੍ਹੇ ਵਿੱਚ ਸ਼ਹਿਰੀ ਖੇਤਰਾਂ ਵਿਚ ਵੱਖ-ਵੱਖ ਥਾਈਂ ਚੱਲ ਰਹੇ ਵਿਕਾਸ ਕਾਰਜ ਜਲਦੀ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ ਹਨ।ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੀਆਂ ਨਗਰ ਕੌਸਲਾਂ ਦੇ ਅਧਿਕਾਰੀਆਂ ਨੂੰ ਆਪਣੇ-ਆਪਣੇ ਖੇਤਰ ਵਿੱਚ ਸੀਵਰੇਜ ਅਤੇ ਪੀਣ ਵਾਲੇ ਪਾਣੀ ਦੀ ਸਪਲਾਈ ਵੱਲ ਖ਼ਾਸ ਧਿਆਨ ਦੇਣ ਲਈ ਨਿਰਦੇਸ਼ ਦਿੱਤੇ ਅਤੇ ਉਪ ਮੰਡਲ ਮੈਜਿਸਟ੍ਰੇਟਸ ਨੂੰ ਟਿਊਬਵੈਲ ਲਗਾਉਣ ਸਬੰਧੀ ਲੰਬਿਤ ਪਏ ਕੰਮ ਨਿਜੀ ਤੌਰ ‘ਤੇ ਧਿਆਨ ਦੇ ਕੇ ਜਲਦੀ ਨਿਪਟਾਉਣ ਦੇ ਆਦੇਸ਼ ਵੀ ਦਿੱਤੇ।

ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਵੱਖੋ-ਵੱਖ ਥਾਈਂ ਸੀਵਰੇਜ ਟ੍ਰੀਟਮੈਂਟ ਪਲਾਂਟ (ਐੱਸ.ਟੀ.ਪੀ.) ਲਾਉਣ ਦੀ ਪ੍ਰਕਿਰਿਆ ਜਾਰੀ ਹੈ ਤੇ ਇਨ੍ਹਾਂ ਪ੍ਰੋਜੈਕਟਾਂ ਨੂੰ ਜ਼ਮੀਨੀ ਪੱਧਰ ਉੱਤੇ ਤਿਆਰ ਕਰਵਾਉਣ ਬਾਬਤ ਜੋ ਵੀ ਕਾਰਜ ਲੋੜੀਂਦੇ ਹਨ, ਉਹ ਲਗਾਤਾਰ ਪੂਰੇ ਕੀਤੇ ਜਾ ਰਹੇ ਹਨ। ਤੈਅ ਪ੍ਰੋਜੈਕਟਾਂ ਦੀ ਪੂਰਤੀ ਨਾਲ ਨਾ ਕੇਵਲ ਸੀਵਰੇਜ ਦੇ ਪਾਣੀ ਦਾ ਢੁਕਵਾਂ ਪ੍ਰਬੰਧਨ ਹੋਵੇਗਾ ਸਗੋਂ ਹੜ੍ਹਾਂ ਵਰਗੀ ਸਥਿਤੀ ਨੂੰ ਨਜਿੱਠਣ ਵਿਚ ਵੀ ਮਦਦ ਮਿਲੇਗੀ। ਟ੍ਰੀਟ (ਸੋਧਿਆ) ਪਾਣੀ ਵੱਖੋ-ਵੱਖ ਥਾਂ ਤੇ ਸਿੰਜਾਈ ਤੇ ਹੋਰਨਾਂ ਕਾਰਜਾਂ ਲਈ ਵਰਤਿਆ ਜਾਵੇਗਾ। ਵਧੀਕ ਡਿਪਟੀ ਕਮਿਸ਼ਨਰ ਨੇ ਵੱਖੋ-ਵੱਖ ਥਾਈਂ ਟਿਊਬਵੈੱਲਜ਼ ਲਾਉਣ ਦੀ ਪ੍ਰਕਿਰਿਆ ਦੀ ਸਮੀਖਿਆ ਕੀਤੀ ਤੇ ਦਿਸ਼ਾ ਨਿਰਦੇਸ਼ ਜਾਰੀ ਕੀਤੇ।

ਇਸ ਦੇ ਨਾਲ ਹੀ ਉਹਨਾਂ ਨੇ ਲਾਲੜੂ ਵਿਖੇ ਬਣਨ ਵਾਲੇ ਪਾਰਕਿੰਗ ਲੌਟ ਦਾ ਕੰਮ ਵੀ ਜਲਦੀ ਸ਼ੁਰੂ ਕਰਵਾਉਣ ਲਈ ਕਿਹਾ। ਉਹਨਾਂ ਨੇ ਜ਼ੀਰਕਪੁਰ ਦੇ ਕਿਸ਼ਨਪੁਰਾ ਖੇਤਰ ਸਬੰਧੀ ਸੀਵਰੇਜ ਪ੍ਰੋਜੈਕਟ ਦੀ ਸਮੀਖਿਆ ਵੀ ਕੀਤੀ। ਵਧੀਕ ਡਿਪਟੀ ਕਮਿਸ਼ਨਰ ਨੇ ਸਥਾਨਕ ਸਰਕਾਰਾਂ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਲੋਕਾਂ ਨੂੰ ਸਾਫ ਸਫ਼ਾਈ ਸਮੇਤ ਸਥਾਨਕ ਸਰਕਾਰਾਂ ਵਿਭਾਗ ਦੀਆਂ ਵੱਖੋ ਵੱਖ ਮੁਹਿੰਮਾਂ ਬਾਰੇ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ। ਉਹਨਾਂ ਦੱਸਿਆ ਕਿ ਖਰੜ ਖੇਤਰ ਵਿਚ ਨਗਰ ਕੌਂਸਲ ਦੀ ਕਾਰਗੁਜ਼ਾਰੀ ਹੋਰ ਬਿਹਤਰ ਬਣਾਉਣ ਲਈ ਵੱਡੀ ਗਿਣਤੀ ਵਾਹਨ ਢੋਆ-ਢੁਆਈ ਲਈ ਖਰੀਦੇ ਜਾ ਰਹੇ ਹਨ। ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਖਰੜ-ਲਾਂਡਰਾਂ ਰੋਡ ਉੱਤੇ ਸੀਵਰੇਜ ਦਾ ਕੰਮ ਚਲ ਰਿਹਾ ਹੈ। ਉਹਨਾਂ ਕਿਹਾ ਕਿ ਕਜੌਲੀ ਐੱਸ.ਟੀ.ਪੀ. ਅਤੇ ਖੂਨੀਮਾਜਰਾ ਐੱਸ.ਟੀ.ਪੀ. ਲਾਉਣ ਦੀ ਪ੍ਰਕਿਰਿਆ ਤੇਜ਼ ਕੀਤੀ ਜਾਵੇ।

ਉਹਨਾਂ ਨੇ ਲਾਲੜੂ ਬੱਸ ਸਟੈਂਡ ਪ੍ਰੋਜੈਕਟ ਲਈ ਲੋੜੀਂਦੇ ਫੰਡ ਮੁਹਈਆ ਕਰਵਾਉਣ ਦਾ ਭਰੋਸਾ ਵੀ ਦਿੱਤਾ। ਇਸ ਦੇ ਨਾਲ ਨਾਲ ਸ਼ਹਿਰੀ ਖੇਤਰਾਂ ਵਿਚ 88 ਵੇਰਕਾ ਬੂਥ ਸਥਾਪਤ ਕਰਨ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ ਤੇ ਇਹ ਕੰਮ ਪਹਿਲ ਦੇ ਅਧਾਰ ਉੱਤੇ ਕਰਨ ਲਈ ਕਿਹਾ। ਇਸ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਨੇ ਲੰਬਿਤ ਪਏ ਕੰਮਾਂ ਨੂੰ ਮਿੱਥੇ ਸਮੇਂ ਵਿਚ ਨਿਪਟਾਉਣ ਲਈ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਸਬੰਧਿਤ ਅਧਿਕਾਰੀਆਂ ਨੂੰ ਕਿਹਾ ਕਿ ਜੇਕਰ ਉਨ੍ਹਾਂ ਨੂੰ ਕੰਮ ਕਰਨ ਵਿੱਚ ਕਿਸੇ ਤਰ੍ਹਾਂ ਦੀ ਮੁਸ਼ਕਿਲ ਆ ਰਹੀ ਹੈ ਤਾਂ ਉਨ੍ਹਾਂ ਦੇ ਧਿਆਨ ਵਿੱਚ ਲਿਆਂਦੀ ਜਾਵੇ। ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹਨਾਂ ਕਾਰਜਾਂ ਦੀ ਗੁਣਵੱਤਾ ਸਬੰਧੀ ਕਿਸੇ ਕਿਸਮ ਦੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਦਮਨਜੀਤ ਸਿੰਘ ਮਾਨ ਨੇ ਨਗਰ ਨਿਗਮ ਮੋਹਾਲੀ ਅਤੇ ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੇ ਅਧਿਕਾਰੀਆਂ ਨੂੰ ਕਿਹਾ ਕਿ ‘ਸਿੰਗਲ ਯੂਜ਼ ਪਲਾਸਟਿਕ’ (ਇੱਕ ਵਾਰ ਵਰਤੋਂ ਵਿੱਚ ਆਉਣ ਵਾਲੇ) ਨੂੰ ਰੋਕਣ ਲਈ ਸਖ਼ਤ ਕਦਮ ਚੁੱਕੇ ਜਾਣ ਤੇ ਇਸ ਸਬੰਧੀ ਵੱਧ ਤੋਂ ਵੱਧ ਚੈਕਿੰਗ ਯਕੀਨੀ ਬਣਾ ਕੇ ਕਾਨੂੰਨ ਮੁਤਾਬਕ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। ਇਸ ਦੌਰਾਨ ਜ਼ਿਲ੍ਹਾ ਸੜਕ ਸੁਰੱਖਿਆ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਨੇ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲੇ ਲੋਕਾਂ ਦੇ ਚਾਲਾਨ ਕੱਟਣ ਲਈ ਹਦਾਇਤ ਕੀਤੀ ਤਾਂ ਜੋ ਦੁਰਘਟਨਾਵਾਂ ਤੋਂ ਬਚਿਆ ਜਾ ਸਕੇ। ਇਸ ਦੇ ਨਾਲ ਨਾਲ ਸ਼ਹਿਰ ਵਿਚ ਵਧ ਤੋਂ ਵਧ ਸੜਕਾਂ ਦੇ ਨਾਲ ਨਾਲ ਸਾਈਕਲ ਟਰੈਕ ਬਣਾਉਣ ਦੇ ਪ੍ਰੋਜੈਕਟ ਨੂੰ ਹੋਰ ਤੇਜ਼ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ।

Leave a Reply

Your email address will not be published. Required fields are marked *