ਪੁਲਿਸ ਵੱਲੋਂ ਕੌਮੀ ਸੜ੍ਹਕ ਸੁਰਖਿਆ ਹਫ਼ਤੇ ਦੀ ਸਮਾਪਤੀ ‘ਤੇ ਵੰਡੇ 100 ਹੈਲਮੇਟ

ਪੁਲਿਸ ਵੱਲੋਂ 35ਵੇਂ ਕੌਮੀ ਸੜ੍ਹਕ ਸੁਰਖਿਆ ਹਫ਼ਤੇ ਦੀ ਸਮਾਪਤੀ ‘ਤੇ 100 ਹੈਲਮੇਟ ਵੰਡੇ ਗਏ

ਐਸ ਐਸ ਪੀ ਸੰਦੀਪ ਗਰਗ ਵੱਲੋਂ ਵਾਹਨ ਚਾਲਕਾਂ ਨੂੰ ਸੜਕੀ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਨ ਦੀ ਅਪੀਲ

ਮੋਹਾਲੀ, 14 ਫ਼ਰਵਰੀ, (ਮੇਸ਼ੀ) ਜ਼ਿਲ੍ਹਾ ਪੁਲਿਸ ਵੱਲੋਂ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ‘ਚ 15 ਜਨਵਰੀ ਤੋਂ ਮਨਾਏ ਜਾ ਰਹੇ 35ਵੇਂ ਕੌਮੀ ਸੜ੍ਹਕ ਸੁਰੱਖਿਆ ਮਾਹ ਦੀ ਸਮਾਪਤੀ ਮੌਕੇ ਅੱਜ ਐਸ ਐਸ ਪੀ ਡਾ. ਸੰਦੀਪ ਗਰਗ ਵੱਲੋਂ 100 ਦੋਪਹੀਆ ਵਾਹਨ ਚਾਲਕਾਂ ਨੂੰ ਹੈਲਮੇਟ ਦੀ ਵੰਡ ਕੀਤੀ ਗਈ। ਇਸ ਮੌਕੇ ਹਰਿੰਦਰ ਸਿੰਘ ਮਾਨ, ਕਪਤਾਨ ਪੁਲਿਸ (ਟ੍ਰੈਫਿਕ ਅਤੇ ਇੰਡਸਟ੍ਰਿਅਲ ਸਕਿਓਰਟੀ) ਵੀ ਮੌਜੂਦ ਸਨ। ਡਾ. ਸੰਦੀਪ ਕੁਮਾਰ ਗਰਗ ਨੇ ਇਸ ਮੌਕੇ ਵਾਹਨ ਚਾਲਕਾਂ ਨੂੰ ਸੜਕੀ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਨ ਲਈ ਪ੍ਰੇਰਦਿਆਂ ਕਿਹਾ ਕਿ ਸੜ੍ਹਕ ਤੇ ਚਲਦੇ ਹੋਏ ਸਾਨੂੰ ਹਮੇਸ਼ਾਂ ਇਸ ਗੱਲ ਨੂੰ ਸੋਚ ਕੇ ਵਾਹਨ ਚਲਾਉਣਾ ਚਾਹੀਦਾ ਹੈ ਕਿ ਸਾਡੇ ਪਰਿਵਾਰ ਨੂੰ ਸਾਡੀ ਅਤੇ ਸੜ੍ਹਕ ਤੇ ਚੱਲ ਰਹੇ ਵਾਹਨ ਚਾਲਕਾਂ ਦੇ ਪਰਿਵਾਰਾਂ ਨੂੰ ਉਨ੍ਹਾਂ ਦੀ ਬਹੁਤ ਲੋੜ ਹੈ। ਉਨ੍ਹਾਂ ਕਿਹਾ ਕਿ ਜ਼ਰੂਰੀ ਨਹੀਂ ਕਿ ਅਸੀਂ ਕੇਵਲ ਸੜ੍ਹਕ ਸੁਰੱਖਿਆ ਸਪਤਾਹ ਜਾਂ ਮਾਹ ਦੌਰਾਨ ਹੀ ਸੜਕੀ ਨਿਯਮਾਂ ਦੀ ਪਾਲਣਾ ਵੱਲ ਧਿਆਨ ਦੇਣਾ ਹੈ ਬਲਕਿ ਸਾਨੂੰ ਹਰ ਸਮੇਂ ਵਾਹਨ ਚਲਾਉਂਦੇ ਹੋਏ ਸਾਵਧਾਨ ਰਹਿਣ ਦੀ ਲੋੜ ਹੈ।

ਹਰਿੰਦਰ ਸਿੰਘ ਮਾਨ, ਕਪਤਾਨ ਪੁਲਿਸ (ਟ੍ਰੈਫਿਕ ਅਤੇ ਇੰਡ: ਸਕਿਓਰਟੀ), ਜਿਲ੍ਹਾ ਐਸ.ਏ.ਐਸ ਨਗਰ ਨੇ ਦੱਸਿਆ ਕਿ 35ਵੇਂ ਰਾਸ਼ਟਰੀ ਸੜਕ ਸੁਰੱਖਿਆ ਮਹੀਨੇ ਦੌਰਾਨ ਟ੍ਰੈਫਿਕ ਐਜੂਕੇਸ਼ਨ ਸੈੱਲ, ਐਸ.ਏ.ਐਸ ਨਗਰ ਵੱਲੋਂ ਵੱਖ-ਵੱਖ ਸਕੂਲਾਂ, ਯੂਨੀਅਨਾਂ, ਕੰਪਨੀਆ, ਫੈਕਟਰੀਆਂ ਆਦਿ ਵਿੱਚ ਜਾ ਕੇ ਸੈਮੀਨਾਰ ਲਗਾ ਕੇ ਆਮ ਪਬਲਿਕ ਅਤੇ ਸਕੂਲੀ ਬੱਚਿਆਂ ਨੂੰ ਟ੍ਰੈਫਿਕ ਦੇ ਨਿਯਮਾਂ ਬਾਰੇ ਜਾਗਰੂਕ ਕੀਤਾ ਗਿਆ ਹੈ। ਮੋਟਰ ਸਾਈਕਲ ਰੈਲੀਆਂ/ਸਾਈਕਲ ਰੈਲੀਆਂ ਦੁਆਰਾ ਲੋਕਾਂ ਨੂੰ ਲਾਲ ਬੱਤੀ ਦੀ ਉਲੰਘਣਾ ਨਾ ਕਰਨ, ਬਿਨ੍ਹਾਂ ਹੈਲਮਟ ਵਾਹਨ ਨਾ ਚਲਾਉਣ, ਤਿੰਨ ਸਵਾਰੀਆਂ ਬਿਠਾਉਣ ਤੋਂ ਗ਼ੁਰੇਜ਼ ਕਰਨ, ਓਵਰ ਸਪੀਡ ਨਾ ਕਰਨ, ਸ਼ਰਾਬ ਪੀ ਕੇ ਗੱਡੀ ਨਾ ਚਲਾਉਣ, ਹਾਈ ਸਕਿਓਰਟੀ ਨੰਬਰਾਂ ਪਲੇਟਾਂ ਲਗਾਉਣ, ਓਵਰ ਲੋਡਿੰਗ ਨਾ ਕਰਨ, ਗਲਤ ਪਾਰਕਿੰਗ ਨਾ ਕਰਨ ਆਦਿ ਸਬੰਧੀ ਜਾਣਕਾਰੀ ਦਿੱਤੀ ਗਈ।ਇਸ ਦੌਰਾਨ ਜਾਗਰੂਕ ਮੁਹਿੰਮ ਦੇ ਤਹਿਤ 5672 ਕਮਰਸ਼ੀਅਲ ਵਾਹਨਾਂ ਦੇ ਪਿੱਛੇ ਰਿਫਲੈਕਟਿਵ ਟੇਪਾਂ ਲਗਾਈਆ ਗਈਆਂ।
ਇਸੇ ਤਰ੍ਹਾਂ ਅੱਜ ਸਪੈਸ਼ਲ ਮੁਹਿੰਮ ਦੇ ਤਹਿਤ ਬਿਨ੍ਹਾ ਹੈਲਮਟ ਵਾਹਨ ਚਾਲਕਾਂ ਨੂੰ ਕੁੱਲ 100 ਮੁਫਤ ਹੈਲਮਟ ਵੰਡੇ ਗਏ ਹਨ ਤਾਂ ਜੋ ਆਮ ਜਨਤਾ ਦੀ ਸੜਕੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ ਅਤੇ ਇਸੇ ਦੇ ਨਾਲ ਆਮ ਪਬਲਿਕ ਨੂੰ ਅਪੀਲ ਵੀ ਕੀਤੀ ਗਈ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਤਾਂ ਜੋ ਸੜਕੀ ਹਾਦਸਿਆ ਦੌਰਾਨ ਅਜਾਈ ਜਾਂਦੀਆ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ। ਪੁਲਿਸ ਤੋਂ ਮਦਦ ਲੈਣ ਅਤੇ ਕੋਈ ਵੀ ਸੂਚਨਾ ਦੇਣ ਲਈ ਹੈਲਪਲਾਈਨ ਨੰਬਰ 112 ਅਤੇ 181 ਤੇ ਕਾਲ ਕਰਨ ਬਾਰੇ ਅਤੇ ਸਾਈਬਰ ਕ੍ਰਾਈਮ ਲਈ 1930 ਤੇ ਕਾਲ ਕਰਨ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ।

Leave a Reply

Your email address will not be published. Required fields are marked *