ਚੰਡੀਗੜ੍ਹ ਦੇ ਸਕੂਲਾਂ ਵਿੱਚ ਸ਼ੁਰੂ ਹੋਈ ਨਵੀਂ ਸਕੀਮ, ਮਾਪਿਆਂ ਤੇ ਵਿਦਿਆਰਥੀਆਂ ਨੂੰ ਮਿਲੀ ਵੱਡੀ ਰਾਹਤ

ਚੰਡੀਗੜ੍ਹ ਪ੍ਰਸ਼ਾਸਨ ਨੇ ਮਾਪਿਆਂ ਤੇ ਬੱਚਿਆਂ ਨੂੰ ਵੱਡੀ ਮੁਸ਼ਕਲ ਤੋਂ ਦਿੱਤੀ ਵੱਡੀ ਰਾਹਤ

ਬੱਚਿਆਂ ਨੂੰ 9ਵੀਂ ਜਮਾਤ ਲਈ ਐਂਟਰੈਂਸ ਟੈਸਟ ਪਾਸ ਕਰਨਾ ਜਰੂਰੀ, ਸਕੀਮ ਸੈਸ਼ਨ ਤੋਂ ਸ਼ੁਰੂ 

ਚੰਡੀਗੜ੍ਹ ਸ਼ਹਿਰ ‘ਚ ਹਰਿਆਣਾ, ਹਿਮਾਚਲ ਤੇ ਪੰਜਾਬ ਤੋਂ ਆਉਂਦੇ ਹਨ ਨੌਕਰੀ ਪੇਸ਼ਾ ਲੋਕ

ਚੰਡੀਗੜ੍ਹ, 3 ਅਪ੍ਰੈਲ (ਮੇਸ਼ੀ) : ਚੰਡੀਗੜ੍ਹ ਸ਼ਹਿਰ ਦੇ ਸਰਕਾਰੀ ਸਕੂਲਾਂ ‘ਚ ਬਾਹਰਲੇ ਸੂਬਿਆ ਅਤੇ ਨਿੱਜੀ ਸਕੂਲਾਂ ਤੋਂ ਆਉਣ ਵਾਲੇ ਬੱਚੇ ਜੇਕਰ 11ਵੀਂ ਜਮਾਤ ‘ਚ ਦਾਖ਼ਲਾ ਲੈਂਦੇ ਹਨ ਤਾਂ ਉਨ੍ਹਾਂ ਲਈ ਸਿਰਫ਼ 15 ਫ਼ੀਸਦੀ ਸੀਟਾਂ ਹੀ ਰਾਖਵੀਆਂ ਹੁੰਦੀਆਂ ਸਨ। ਹੁਣ ਚੰਡੀਗੜ੍ਹ ਪ੍ਰਸ਼ਾਸਨ ਨੇ ਮਾਪਿਆਂ ਤੇ ਬੱਚਿਆਂ ਨੂੰ ਇਸ ਮੁਸ਼ਕਲ ਤੋਂ ਵੱਡੀ ਰਾਹਤ ਦਿੱਤੀ ਹੈ। ਬਾਹਰਲੇ ਸੂਬਿਆਂ ਅਤੇ ਨਿੱਜੀ ਸਕੂਲਾਂ ਦੇ ਬੱਚੇ 9ਵੀਂ ਜਮਾਤ ’ਚ ਜੇਕਰ ਸਰਕਾਰੀ ਸਕੂਲਾਂ ‘ਚ ਦਾਖ਼ਲਾ ਲੈਂਦੇ ਹਨ ਤਾਂ 11ਵੀਂ ਜਮਾਤ ‘ਚ ਉਹ ਸਰਕਾਰੀ ਸਕੂਲ ਕੋਟੇ ਦੀਆਂ 85 ਫ਼ੀਸਦੀ ਸੀਟਾਂ ਲਈ ਯੋਗ ਮੰਨੇ ਜਾਣਗੇ। ਇਸ ਦੇ ਲਈ ਬੱਚਿਆਂ ਨੂੰ 9ਵੀਂ ਜਮਾਤ ਲਈ ਐਂਟਰੈਂਸ ਟੈਸਟ ਪਾਸ ਕਰਨਾ ਪਵੇਗਾ।

ਇਹ ਸਕੀਮ ਇਸੇ ਸੈਸ਼ਨ ਤੋਂ ਸ਼ੁਰੂ ਹੋ ਗਈ ਹੈ। 31 ਮਾਰਚ ਨੂੰ ਐਲਾਨੇ 8ਵੀਂ ਜਮਾਤ ਦੇ ਨਤੀਜੇ ਤੋਂ ਬਾਅਦ ਇਹ ਪ੍ਰਣਾਲੀ 9ਵੀਂ ਜਮਾਤ ਲਈ ਚੱਲ ਰਹੀ ਦਾਖ਼ਲਾ ਪ੍ਰਕਿਰਿਆ ਵਿਚ ਲਾਗੂ ਕਰ ਦਿੱਤੀ ਗਈ ਹੈ। 9ਵੀਂ ਜਮਾਤ ਵਿਚ ਦਾਖ਼ਲਾ ਲੈਣ ਲਈ ਬਾਹਰਲੇ ਸੂਬਿਆ ਜਾਂ ਸ਼ਹਿਰਾਂ ਦੇ ਨਿੱਜੀ ਸਕੂਲਾਂ ਦੇ ਬੱਚਿਆ ਨੂੰ ਸਭ ਤੋਂ ਪਹਿਲਾਂ ਨੇੜਲੇ ਸਕੂਲ ਜਾ ਕੇ ਅਪਲਾਈ ਕਰਨਾ ਹੋਵੇਗਾ। ਬੱਚੇ ਆਸ-ਪਾਸ ਦੇ ਇੱਕ ਤੋਂ ਵੱਧ ਸਕੂਲਾਂ ‘ਚ ਅਰਜ਼ੀ ਦੇ ਸਕਦੇ ਹਨ। ਇਨ੍ਹਾਂ ਬੱਚਿਆਂ ਨੂੰ ਬਿਨੈ-ਪੱਤਰ ਦੇ ਨਾਲ ਆਧਾਰ ਕਾਰਡ, ਜਨਮ ਸਰਟੀਫਿਕੇਟ, ਚਾਰ ਪਾਸਪੋਰਟ ਸਾਈਜ਼ ਫੋਟੋਆਂ, ਰਿਜ਼ਰਵੇਸ਼ਨ ਸਰਟੀਫਿਕੇਟ, ਜੇਕਰ ਕਿਸੇ ਕੋਲ ਹੈ ਤਾਂ ਸਕੂਲ ਛੱਡਣ ਦਾ ਸਰਟੀਫਿਕੇਟ, ਮਾਰਕਸ਼ੀਟ ਜਮ੍ਹਾਂ ਕਰਵਾਉਣੀ ਹੋਵੇਗੀ। ਫਿਰ ਟੈਸਟ ਦੇ ਆਧਾਰ ’ਤੇ ਦਾਖ਼ਲਾ ਦਿੱਤਾ ਜਾਵੇਗਾ।

ਖ਼ਾਲੀ ਸੀਟਾਂ ’ਤੇ ਹੀ ਮਿਲੇਗੀ ਜਗ੍ਹਾ
ਸਕੂਲਾਂ ‘ਚ ਵਿਦਿਆਰਥੀਆਂ ਨੂੰ ਸਿਰਫ਼ ਉਨ੍ਹਾਂ ਸੀਟਾਂ ’ਤੇ ਹੀ ਦਾਖ਼ਲੇ ਦੀ ਸਹੂਲਤ ਮਿਲੇਗੀ ਜੋ ਖ਼ਾਲੀ ਹਨ। ਇਸ ਦਾ ਮਤਲਬ ਹੈ ਕਿ ਜੇਕਰ ਕੋਈ ਵਿਦਿਆਰਥੀ 8ਵੀਂ ਜਾਂ 9ਵੀਂ ਜਮਾਤ ਤੋਂ ਬਾਅਦ ਸਕੂਲ ਛੱਡਦਾ ਹੈ ਤਾਂ ਇਹ ਸਹੂਲਤ ਉਨ੍ਹਾਂ ਸੀਟਾਂ ’ਤੇ ਹੀ ਮਿਲੇਗੀ। ਹਾਲੇ ਸਰਕਾਰੀ ਸਕੂਲਾਂ ‘ਚ ਦਾਖ਼ਲੇ ਲਈ ਉਸ ਸਕੂਲ ਦੇ ਨੇੜੇ ਦੇ 500 ਸਕੂਲਾਂ ਦੇ ਵਿਦਿਆਰਥੀਆਂ ਨੂੰ ਪਹਿਲ ਦਿੱਤੀ ਜਾਂਦੀ ਹੈ। ਫਿਰ ਇੱਕ ਕਿਲੋਮੀਟਰ ਤੇ ਬਾਅਦ ’ਚ ਇੱਕ ਕਿਲੋਮੀਟਰ ਤੋਂ ਵੱਧ ਦੇ ਖੇਤਰ ਦੇ ਬੱਚਿਆਂ ਨੂੰ ਦਾਖ਼ਲੇ ਲਈ ਤਰਜ਼ੀਹ ਦਿੱਤੀ ਜਾਂਦੀ ਹੈ। 9ਵੀਂ ਜਮਾਤ ਵਿਚ ਦਾਖ਼ਲੇ ਲਈ ਜਿੰਨੇ ਬੱਚੇ ਅਪਲਾਈ ਕਰਨਗੇ, ਉਨ੍ਹਾਂ ਬੱਚਿਆਂ ਦੇ ਲਈ ਸਿੱਖਿਆ ਵਿਭਾਗ ਵਲੋਂ ਸਮੂਹਿਕ ਲਿਖ਼ਤੀ ਪ੍ਰੀਖਿਆ ਲਈ ਜਾਵੇਗੀ। ਬੱਚਿਆਂ ਨੂੰ ਇਹ ਪ੍ਰੀਖਿਆ ਪਾਸ ਕਰਨੀ ਪਵੇਗੀ, ਜੋ 8ਵੀਂ ਜਮਾਤ ਦੇ ਸਿਲੇਬਸ ਦੇ ਆਧਾਰ ’ਤੇ ਹੋਵੇਗੀ। ਪਾਸ ਹੋਣ ਵਾਲੇ ਬੱਚੇ ਨੂੰ ਉਸ ਦੇ ਆਧਾਰ ਕਾਰਡ ਪਤੇ ਦੇ ਆਧਾਰ ’ਤੇ ਸਕੂਲ ਵਿਚ ਦਾਖ਼ਲਾ ਦਿੱਤਾ ਜਾਵੇਗਾ। ਜੇਕਰ ਕਿਸੇ ਸਕੂਲ ਵਿਚ ਸੀਟਾਂ ਖ਼ਾਲੀ ਹਨ ਤਾਂ ਉਸ ਸਕੂਲ ਤੋਂ ਦੂਰ ਰਹਿੰਦੇ ਬੱਚਿਆਂ ਨੂੰ ਵੀ ਦਾਖ਼ਲਾ ਦਿੱਤਾ ਜਾਵੇਗਾ।

ਨਵੀਂ ਪ੍ਰਣਾਲੀ 11ਵੀਂ ’ਚ ਦੇਵੇਗੀ 85 ਫ਼ੀਸਦੀ ਕੋਟਾ

ਚੰਡੀਗੜ੍ਹ ਸ਼ਹਿਰ ‘ਚ ਹਰਿਆਣਾ, ਹਿਮਾਚਲ ਤੇ ਪੰਜਾਬ ਦੇ ਕਈ ਲੋਕ ਨੌਕਰੀਆਂ ਲਈ ਆਉਂਦੇ ਹਨ, ਪਰ ਉਨ੍ਹਾਂ ਨੂੰ ਬੱਚਿਆ ਲਈ 11ਵੀਂ ਜਮਾਤ ਦੀਆਂ ਕੁੱਲ ਸੀਟਾਂ ’ਚ ਸਿਰਫ਼ 15 ਫ਼ੀਸਦੀ ’ਤੇ ਹੀ ਦਾਖ਼ਲਾ ਲੈਣ ਦਾ ਵਿਕਲਪ ਮਿਲਦਾ ਹੈ। ਇਸ ਕਾਰਨ ਬੱਚਿਆਂ ਨੂੰ ਸਖ਼ਤ ਮੁਕਾਬਲੇ ਦਾ ਸਾਹਮਣਾ ਕਰਨਾ ਪੈਂਦਾ ਹੈ। ਹੁਣ ਜੇਕਰ ਅਜਿਹੇ ਲੋਕ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਆਪਣੇ ਬੱਚਿਆਂ ਨੂੰ 9ਵੀਂ ਜਮਾਤ ਵਿਚ ਦਾਖ਼ਲ ਕਰਵਾਉਂਦੇ ਹਨ ਤਾਂ 11ਵੀਂ ਜਮਾਤ ਵਿਚ ਬੱਚੇ ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ਦੇ 85 ਫ਼ੀਸਦੀ ਕੋਟੇ ਵਾਲੇ ਪੂਲ ਵਿਚ ਮੰਨੇ ਜਾਣਗੇ, ਦਾਖ਼ਲਾ ਪ੍ਰਕਿਰਿਆ ਸਾਰੇ ਸਕੂਲਾਂ ਵਿਚ ਇੱਕੋ ਜਿਹੀ ਹੋਵੇਗੀ ਅਤੇ ਮਾਪਿਆਂ ਨੂੰ ਸਕੂਲ ਜਾ ਕੇ ਅਪਲਾਈ ਕਰਨਾ ਹੋਵੇਗਾ। ਕਿਸੇ ਵੀ ਸਕੂਲ ਵਿਚ ਸੀਟਾਂ ਖ਼ਾਲੀ ਨਹੀਂ ਰਹਿਣ ਦਿੱਤੀਆਂ ਜਾਣਗੀਆਂ। ਸੀਟਾਂ ਦੀ ਉਪਲੱਬਧਤਾ ਦੇ ਆਧਾਰ ’ਤੇ ਵਿਦਿਆਰਥੀਆਂ ਨੂੰ ਦਾਖ਼ਲਾ ਦਿੱਤਾ ਜਾਵੇਗਾ

Leave a Reply

Your email address will not be published. Required fields are marked *